ਆਖ਼ਰੀ ਵਾਰ
ਸਿੱਧੂ ਦਮਦਮੀ

ਜ਼ਿੰਦਗੀ ਨੂੰ ਮਣਾਂ-ਮੂੰਹੀਂ ਪਿਆਰ ਕਰਨ ਵਾਲੇ ਉਸ ਜ਼ਹੀਨ ਸਖਸ਼ ਨੇ ,ਅਗਸਤ ਦੋ ਹਜ਼ਾਰ ਤਿੰਨ ਦੀ 18 ਤਾਰੀਕ ਦੀ ਠੀਕ ਅੱਧੀ ਰਾਤ ਨੂੰ, ਓਸ ਕੁਰੱਪਟ ਤੇ ਬੇਈਮਾਨ ਸਮਾਜਿਕ ਤਾਣੇ-ਬਾਣੇ/ ਅਫ਼ਸਰਸ਼ਾਹੀ/ ਸਿਆਸਤ, ਜਿਸ ਨੇ ਉਸ ਦੀ ‘ਜਿੰਦਗੀ ਵਿਚ ਕੁਝ ਵੀ ਜਿਊਣ ਯੋਗ ਨਹੀਂ ਸੀ’ ਛੱਡਿਆ, ਵਿਰੁੱਧ ਆਪਣਾ ਆਖਰੀ ਰੋਸ ਕਾਨੀਬੰਦ ਕੀਤਾ ਅਤੇ ਉਸ ਉੱਤੇ ਆਪਣੀ ਮੌਤ ਦੀ ਸੀਲ ਲਾ ਦਿਤੀ.
ਪਰ ਪੱਤਰਕਾਰ/ ਕਵੀ/ ਫੋਟੋ ਚਿਤਰਕਾਰ ਅਭਿਨਵ ਨਈਅਰ ਨੇ ਆਪਣੇ ਇਨ੍ਹਾਂ ਚੇਹਰਾ-ਰਹਿਤ ਦੁਸ਼ਮਣਾਂ ਦੀ ਅਸਲੀ ਸ਼ਨਾਖਤ ਆਪਣੇ ਸੂਈਸਾਇਡ ਨੋਟ ਦੀਆਂ ਸਤਰਾਂ ਵਿਚਲੀ ਖਾਲੀ ਥਾਂ ਵਿਚ ਲੁੱਪਤ ਹੀ ਰਹਿਣ ਦਿੱਤੀ .ਸ਼ਾਇਦ ਇੰਜ ਉਸ ਨੇ ਇਹ ਪੱਕਾ ਕਰਨ ਲਈ ਕੀਤਾ ਹੈ ਕਿ ਉਸ ਦੀ ਮੌਤ ਨੂੰ ਨਿੱਕੇ ਨਿੱਜੀ ਕਾਰਨਾਂ ਤੋਂ ਉਪਰ ਉੱਠ ਕੇ ਵੱਡੇ ਸਰੋਕਾਰਾਂ ਦੇ ਪ੍ਰਸੰਗ ਵਿਚ ਵੇਖਿਆ ਜਾਏ. ਪਰ ਇਸ ਦੇ ਬਾਵਜੂਦ ਵੀ ਕਈ ਇਸ ਨੂੰ ਮਨੁੱਖੀ ਇਰਾਦੇ ਦੀ ਸ਼ਕਤੀ ਤੇ ਜਿੰਦਗੀ ਦੀ ਖੁਬਸੂਰਤੀ ਵਿਚ ਅਥਾਹ ਵਿਸ਼ਵਾਸ ਰੱਖਣ ਵਾਲੇ ਭਰ-ਜੁਆਨ ਅਭਿਨਵ ਦੀ ਆਖਰ ਨੂੰ ਹੋਈ ਨਿਰਾਸਤਾ ਭਰੀ ਹਾਰ ਕਹਿ ਸਕਦੇ ਹਨ .ਕਹਿ ਸਕਦੇ ਹਨ ਕਿ ਖੁਦਕਸ਼ੀ ਦੀ ਉਸ ਘੜੀ , ਸੰਭਵ ਤੌਰ ਤੇ, ਉਸਦੇ ਮਨ ਦੇ ਗਲਿਆਰਿਆਂ ਵਿਚ ਕੋਈ ਅਜੇਹੀ ਕਾਲੀ ਹਨੇਰੀ ਝੁੱਲੀ ਕਿ ਲੈਟਰ ਪੈਡ,ਪੱੈਨ,ਨਾਇਲੋਨ ਦੀ ਰੱਸੀ ਤੇ ਛੱਤ ਦੇ ਪੱਖੇ ਤੋਂ ਬਿਨਾਂ ਹੋਰ ਸਭ ਕੂਝ , ਮੰਦੇਭਾਗਾਂ ਨੂੰ ,ਉਸ ਦੀ ਨਿਰਾਸਤਾ ਨਾਲ ਭਰੀ ਕਲਾਕਾਰ-ਅੱਖ ਦੇ ਫਰੇਮ ਤੋਂ ਬਾਹਰ ਰਹਿ ਗਿਆ. ਤੇ ਉਸ ਤੋਂ ਜਿੰਦਗੀ ਵਲ ਪਿੱਠ ਭੁਆਂ ਹੋ ਗਈ .ਕੁਝ ਪੁੱਛ ਸਕਦੇ ਹਨ ਕਿ ਨਹੀਂ ਤਾਂ ਕੋਈ ਅਜੇਹਾ ਕਿਉਂ ਕਰੇਗਾ ਜਦੋਂ ਕਿ ਅਮਰੀਕਾ ਵਿਚ ਸਹੂਲਤਾਂ ਭਰਪੂਰ ਨਵੀਂ ਜਿੰਦਗੀ ਜਿਊਣ ਦਾ ਸੱਦਾ ਉਸ ਦੇ ਹੱਥਾਂ ਵਿਚ ਹੋਵੇ ? ਪਰ ਜੋ ਅਭਿਨਵ ਅੰਦਰ ਹਮੇਸ਼ਾਂ ਗਿੱੜਦੇ ਰਹਿਣ ਵਾਲੇ ਅਸੂਲਾਂ ਨੂੰ ਪਰਨਾਏ ਅਤਿ ਸੰਵੇਦਨਸ਼ੀਲ ਪੱਤਰਕਾਰ-ਕਵੀ-ਫੋਟੋਕਾਰ ਦੇ ਮਿਕਸਚਰ ਬਾਰੇ ਜਾਣਦੇ ਸਨ ,ਉਹ ਇਸ ਘਟਨਾ ਦੇ ਕਾਰਨ ਸਮਝ ਸਕਦੇ ਹਨ.
ਉਂਜ ਵੀ ਬਾਬਿਓ , ਇਕ ਤਰ੍ਹਾਂ ਨਾਲ ਇਹ ਅਭਿਨਵ ਦੇ ਉਸ ਰੋਸ/ਲੜਾਈ ਦਾ ਸਿੱਖਰ ਵੀ ਤਾਂ ਹੋ ਸਕਦਾ ਹੈ ਜਿਸ ਨੂੰ ਪਰਗਟ ਕਰਨ/ਲੜਨ ਲਈ ਉਹ ਲਗਭਗ ਦੋ ਦਹਾਕੇ ਲੰਬੇ ਪ੍ਰੋਫੈਸ਼ਨਲ ਕਾਲ ਦੌਰਾਨ ਆਪਣੀ ਕਲਮ ਨਾਲ ਬੇਲਾਗ / ਬੇਬਾਕ ਵਿਸ਼ਲੇਸ਼ਣੀ ਲੇਖ / ਟਿੱਪਣੀਆਂ / ਖਬਰਾਂ ਲਿੱਖ ਕੇ ਸੱਚ ਦਾ ਜ਼ਹਿਰ ਚੱਟਦਾ ਰਿਹਾ ਸੀ , ਜ਼ਿਆਦਾਤਰ ਭਰਿਸ਼ਟ ਹੋ ਚੁੱਕੇ ਪਤਰਕਾਰਾਂ ਦੇ ਲਾਣੇ ਵਿਚ ਆਪਣੀ ਕਲਮ ਦੀ ਨਿਰਲੇਪਤਾ ਬਚਾਈ ਰੱਖਣ ਲਈ ਇਕੱਲਾ ਹੀ ‘ਸਵਾ ਲੱਖ’ ਹੋ ਕੇ ਚਲਦਾ / ਲੜਦਾ ਰਿਹਾ.ਜਿੰਨ੍ਹਾਂ ਨੇ ਵੀ ਉਸ ਦੇ ਦੱਖਣ ਦੇ ਪ੍ਰਸਿੱਧ ਅਖਬਾਰ ਸਮੂਹ ਈਨੈਡੂ ਦੇ ਅੰਗਰੇਜ਼ੀ ਸੰਸਕਰਣ ‘ਨਿਊਜ਼ ਟਾਇਮ’ ‘ਚ ਪੰਜਾਬ ਬਾਰੇ ਲਿਖੇ ਡਿਸਪੈਚ ਪੜ੍ਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕਿਧਰੇ ਇਹ ਪੰਜਾਬ ਦੇ ਕਿਸੇ ਅਖਬਾਰ ਵਿਚ ਛਪੇ ਹੁੰਦੇ ਤਾਂ ਅਭਿਨਵ ਲਈ ਉਸ ਦੇ ਦੁਸਮਣਾਂ ਦੇ ਚਾਕੂ ਕਦ ਦੇ ਬਾਹਰ ਨਿਕਲ ਆਏ ਹੁੰਦੇ.ਹੋਰਨਾਂ ਪੱਤਰਕਾਰਾਂ ਦੇ ਉੱਲਟ ਖਾੜਕੂ ਦੌਰ ਵਿਚ ਉਸ ਨੇ ਸਰਕਾਰ ਤੇ ਖਾੜਕੂਆਂ ਦੀ ਤਸ਼ੱਦਦੀ ਕਰਾਸ–ਫਾੲਰਿੰਗ ਦਰਮਿਆਨ ਆਮ ਆਦਮੀ ਨਾਲ / ਮਨੁੱਖੀ ਅਧਿਕਾਰਾਂ ਨਾਲ ਖੜੋਣ ਦਾ ਹੀਆਂ ਕੀਤਾ .ਪੰਜਾਬ ਦੇ ਖਾੜਕੂ ਦੌਰ ਨੂੰ ਪੈਦਾ ਕਰਨ,ਵਧਾਉਣ ਤੇ ਇਸ ਨੂੰ ਸਿਆਸੀ ਇੰਜਨੀਅਰਿੰਗ ਦੇ ਸੰਦ ਵਿਚ ਪਰੀਵਰਤਿਤ ਕਰਨ ਵਿਚ ਸਰਕਾਰੀ ਤੇ ਬਦੇਸ਼ੀ ਸੂਹੀਆਂ ਏਜੰਸੀਆਂ ਦੀ ਭੁਮਿਕਾ ਬਾਰੇ ਪਤਾ ਤਾਂ ਪੰਜਾਬ ਦੇ ਬਹੁੱਤੇ ਪਤਰਕਾਰਾਂ ਨੂੰ ਸੀ ਪਰ ਇਸ ਦਾ ਲਿਖ ਕੇ ਪਰਦਾਫਾਸ਼ ਕਰਨ ਦਾ ਖਤਰਾ ਸਿਰਫ ਅਭਿਨਵ ਨੇ ਲਿਆ.
ਅਭਿਨਵ ਨਾਲ ਸਾਲਾਂ ਦੀ ਮਿੱਤਰਤਾ ਦਾ ਮੇਰਾ ਅਨੁਭਵ ਹੈ ਕਿ ਉਹ ਅਜੋਕੇ ਪੱਤਰਕਾਰਾਂ ਦੀ ਮੂੱਖ ਧਾਰਾ ਦੇ ਉੱਲਟ ਵੱਗਣ ਵਾਲਾ ਸਖਸ਼ ਸੀ. ਇਸੇ ਲਈ ਬਹੁੱਤਿਆਂ ਲਈ ਉਹ ਇਕ ‘ਆਊਟਸਾਇਡਰ’ ਰਿਹਾ .ਉਸ ਨੂੰ ਉਹ ਉਚੇਰੇ ਜੀਵਨ ਮੁੱਲ ਅਜ਼ੀਜ਼ ਸਨ ਜੋ ਉਸ ਦੀ ਪੀੜ੍ਹੀ ਲਈ ਬਹੁੱਤਾ ਕਰਕੇ ਹੇਚ ਹੋ ਚੁੱਕੇ ਹਨ .ਜਿਵੇਂ ਮੌਕੇ / ਪੁਜੀਸ਼ਨ ਦਾ ਫਾਇਦਾ ਉਠਾਉਣ / ਟੌਹਰ ਮਾਰਨ ਨੂੰ ਪਾਪ ਸਮਝਣਾ,ਅਪਣਾ ਨਫ਼ਾ-ਨੁਕਸਾਨ ਸੋਚੇ ਬਿਨਾਂ ਸੱਚੇ/ਦੁੱਖੀ ਦੇ ਹੱਕ ਵਿਚ ਸ਼ਰ੍ਹੇਆਮ ਨਿੱਤਰ ਪੈਣਾ,ਆਪਣੇ ਆਪ ਨੂੰ ਸਰਕਾਰ ਦੇ ਜੁਆਈ ਸਮਝਦੇ ਬਹੁੱਤੇ ਪਤਰਕਾਰਾਂ ਦੇ ਉੱਲਟ ਸਰਕਾਰ ਤੋਂ ਚਾਹ ਦਾ ਕੱਪ ਵੀ ਨਾ ਪੀਣਾ,ਲੈਣ ਦੀ ਤਵੱਕੋ ਰੱਖਣ ਦੀ ਥਾਂ ਜੇ ਕੁਝ ਬਣ ਸਕੇ ਤਾਂ ਦੇਣ ਲਈ ਹਮੇਸ਼ਾਂ ਤਤਪਰ ਰਹਿਣਾ, ਝੂਠ / ਖੋਟਾ ਬੋਲ ਨਾ ਬੋਲਣਾ ਤੇ ਨਾ ਸਹਿਣਾ ,ਸਿਆਸੀ ਬੰਦਿਆਂ ਨਾਲ ਘੁਲਣ ਦੀ ਥਾਂ ਇਕ ਫਾਸਲਾ ਰੱਖ ਕੇ ਚੱਲਣਾ , ਸੁਭਾੳ ‘ਚ ਹਲੀਮੀ ਪਰ ਸਵੈਮਾਣ ਦਾ ਪਰਚਮ ਹਮੇਸ਼ਾਂ ਲਹਿਰਾ ਕੇ ਰੱਖਣਾ .ਨਿਰਸੰਦੇਹ ਏਸੇ ਕਾਰਨ ਪੱਤਰਕਾਰ ਭਾਈਚਾਰੇ ਦੇ ਇਕ ਰੱਜ਼ੇ-ਪੁਜ਼ੇ ਹਿੱਸੇ ਲਈ ਉਹ ‘ਸਨਕੀ’ ਸੀ ਜਾਂ ‘ਕਰੇਜ਼ੀ’ .ਇੰਂਨ੍ਹਾਂ ਵਿਚੋਂ ਕੁਝ ਅਨੁਸਾਰ ਉਹ ਉਨ੍ਹਾਂ ਨੂੰ ਕੱਚਾ ਕਰਨ ਲਈ ਆਪਣੀ ਇਮਾਨਦਾਰੀ ਦੀ ਨੁਮਾਇਸ਼ ਕਰਦਾ ਰਹਿੰਦਾ ਸੀ .ਪਰ ਅਭਿਨਵ ਨੂੰ ਨੇੜ ਤੋਂ ਜਾਨਣ ਵਾਲੇ ਜਾਣਦੇ ਹਨ ਕਿ ਉਹ ਅਜੇਹਾ ਹੋਛਾ ਨਹੀਂ ਸੀ .ਹਾਂ , ਉਸ ਨੂੰ ਆਪਣੇ ਅਸੁੂਲ ਜਰੂਰ ਖਬਤ ਦੀ ਹੱਦ ਤਕ ਪਿਆਰੇ ਸਨ,ਜਿੰਨ੍ਹਾਂ ਨੂੰ ਕਾਇਮ ਰੱਖਣ ਲਈ ਉਹ ਕੁਝ ਵੀ ਕੁਰਬਾਨ ਕਰ ਸਕਦਾ ਸੀ ਤੇ ਕਰਦਾ ਵੀ ਰਿਹਾ .ਮਸਲਨ ਕੁਝ ਖੂੁਬਸੂੁਰਤ ਤੇ ਕੀਮਤੀ ਰਿਸ਼ਤੇ ਵੀ ਉਸ ਨੂੰ ਇਸ ਲਈ ਕੁਰਬਾਨ ਕਰਨੇ ਪਏ ਕਿਉਂਕਿ ਉਂਨ੍ਹਾਂ ਨੂੰ ਜਿਉਂਦੇ ਰੱਖਣ ਲਈ ਉਸ ਨੂੰ ਆਪਣੇ ਕਿਸੇ ਅਸੂਲ ਦੀ ਕੁਰਬਾਨੀ ਦੇਣੀ ਪੈਣੀ ਸੀ. ਨਹੀ, ਅਭਿਨਵ ਨਾ ਹੀ ਰੁੱਖਾ ਸੀ ਨਾ ਹੀ ਸਧਾਰਨ ਅਰਥਾਂ ਵਿਚ ਕਠੋਰ ਤਬੀਅਤ .ਉਸ ਦੀ ਇਹ ਕੋਮਲਤਾ ਉਸ ਦੀਆਂ ਕਵਿਤਾਵਾਂ ,ਗੱਦ ਰਚਨਾਵਾਂ ਤੇ ਫ਼ੋਟੋ ਚਿਤਰਾਂ ਵਿਚ ਉਜਾਗਰ ਹੁੰਦੀ ਸੀ ਤੇ ਲੋੜਵੰਦ ਦੋਸਤਾਂ ਲਈ ਬਿਪਤਾ ਸਮੇਂ ਬਹੁੜਨ ਵਿਚ ਵੀ . ਜਿੰਦਗੀ ਦੇ ਭਿੰਨ ਭਿੰਨ ਰੰਗਾਂ ਨੂੰ ਜਿਸ ਕਲਾਤਮਕਤਾ ਨਾਲ ਉਸ ਨੇ ਕੈਮਰੇ ਦੀ ਫਿਲਮ ਤੇ ਫੜਿਆ ਇਹ ਉਸੇ ਦਾ ਸ਼ਾਵਾ ਸੀ.ਜਿੰਦਗੀ ਦੀਆਂ ਸਵੇਰਾਂ,ਸ਼ਾਮਾਂ ਤੇ ਦੁਪਹਿਰਾਂ ਦੇ ਪਰਤੌ ਦਾ ਜਿਸ ਤਰ੍ਹਾਂ ਦਾ ਫਲਸਫਸੀ ਵਰਨਣ ਖਾਸ ਤੌਰ ਤੇ ਉਸ ਦੀ ਅੰਗਰੇਜ਼ੀ ਗੱਦ ਵਿਚ ਹੋਇਆ ਹੈ ,ਉਸ ਦਾ ਨਿਵੇਕਲਾ ਹੀ ਲਹਿਰੀਆ ਹੈ.ਉਸ ਦੀ ਇਸ ਮਰਮਸਪੱਰਸ਼ੀ ਕੋਮਲਤਾ ਦਾ ਅਹਿਸਾਸ ਉਸ ਦੇ ਸਪੰਰਕ ਵਿਚ ਆਏ ਹਰ ਇਕ ਸੰਵੇਦਨਸ਼ੀਲ ਮਨੁੱਖ ਨੂੰ ਹੁੰਦਾ ਸੀ ਚਾਹੇ ਉਹ ਫਿਲਮ ਹੀਰੋਇਨ ਮਾਧੁਰੀ ਦੀਕਸ਼ਤ ਹੋਵੇ ਜਾਂ ਦੀਪਤੀ ਨਵਲ ਜਾਂ ਬੰਬਈ ਦੀ ਜਹਾਂਗੀਰ ਗੈਲਰੀ ਵਿਚ ਉਸ ਦੇ ਫੋਟੋ ਚਿਤਰਾਂ ਦੀ ਨੁਮਾਇਸ਼ ਵੇਖਣ ਵਾਲੀ ਉਹ ਔੋਰਤ ਜਿਸ ਨੇ ਵਿਜ਼ਟਿਰ ਬੁੱਕ ਵਿਚ ਲਿਖਿਆ ਕਿ ਉਹ ਕੈਂਸਰ ਦੀ ਮਰੀਜ਼ ਹੈ ਪਰ ਅਭਿਨਵ ਦੀਆਂ ਫੋਟੋਆਂ ਵੇਖ ਕੇ ਉਸ ਵਿਚ ਜਿਊਣ ਦਾ ਚਾਅ ਜਾਗ ਪਿਆ ਹੈ . ਅਭਿਨਵ ਦੀ ਕੋਮਲਤਾ ਉਸ ਦੁਆਰਾ ਆਪ ਖਾਣਾ ਪਕਾ ਕੇ ਕੀਤੀਆਂ ਪਾਰਟੀਆਂ ਵਿਚ ਮਹਿਮਾਨਵਾਜ਼ੀ ਦੀ ਸਤਰੰਗੀ ਵਿਚ ਵੀ ਉੱਘੜਦੀ ਸੀ ਤੇ ਸੰਗੀਤ ਦੀ ਪ੍ਰਿਸ਼ਟ ਭੂਮੀ ਵਿਚ ਮਿੱਤਰਾਂ ਨੂੰ ਮੋਹ-ਭਿੱਜੀ ਬੁਲੰਦ ਆਵਾਜ਼ ਵਿਚ ਕੀਤੀਆ ਲੰਬੀਆਂ ਫੁੂਨ ਕਾਲਾਂ ਵਿਚ ਵੀ.
ਉਸ ਵਿਚ ਮਨੁੱਖੀ ਉਰਜ਼ਾ ਦਾ ਵਿਸਫੋਟ ਇਸ ਕਦਰ ਹੂੰਦਾ ਸੀ ਕਿ ਆਪਣੀ ਅਠੱਤੀ ਸਾਲਾਂ ਦੀ ਛੋਟੀ ਜਿੰਦਗੀ ਦਾ ਬਹੁੱਤਾ ਹਿੱਸਾ ਉਸ ਨੇ ਕੰਮਾ ਦੀ ਫਾਸਟ ਲੇਨ ਵਿਚ ਜੀਵਿਆ .ਜਿਥੇ ਤਿੰਨ ਸੌ ਸਫੇ ਦੀ ਕਿਤਾਬ ਉਹ ਇਕ ਹਫਤੇ ਵਿਚ ਰਚ ਲੈਂਦਾ ਸੀ ,ਉਥੇ ਘੰਟੇ ਦੀ ਡੈਕੂਮੈਂਟਰੀ ਫਿਲਮ ਦੀ ਖੋਜ ਤੇ ਸਕਰਿਪਟ ਇਕ ਪੰਦਰਵਾੜੇ ਤੋਂ ਵੱਧ ਸਮਾਂ ਨਹੀਂ ਲੈਂਦੀ ਸੀ.ਇਹ ਉਰਜ਼ਾ ਵਿਸਫੋਟ ਉਸ ਵਿਚ ਓਦੋਂ ਵੀ ਕਾਇਮ ਸੀ ਜਦੋਂ ਉਸ ਦੇ ਤੁਰ ਜਾਣ ਤੋਂ ਹਫ਼ਤਾ ਕੁ ਪਹਿਲਾਂ ਲਗਭਗ ਪੂਰਾ ਦਿਨ ਮੈਂ ਉਸ ਨਾਲ ਆਖਰੀ ਵਾਰ ਗੁਜ਼ਾਰਿਆ . ਅਮਰੀਕਾ ਦੀ ਕੈਰੋਲੀਨਾ ਸਟੇਟ ਵਿਚ ਡਾਕਟਰ ਵਜੋਂ ਕੰਮ ਕਰਦੀ ਆਪਣੀ ਪਤਨੀ ਜਸਜੀਤ ਕੋਲ ਜਾਣ ਲਈ ਉਹ ਤਿਆਰੀ ਵਿਚ ਸੀ.ਹਰ ਕੰਮ ‘ਕਲੀਨ ਐਂਡ ਅਬੱਵਬੋਰਡ’ ਕਰਨ ਦੇ ਆਪਣੇ ਅਸੂਲ ਮੁਤਾਬਕ ਉਹ ਨਿਊਜ਼ ਟਾਈਮ ਦੀ ਨੌਕਰੀ ਤੋਂ ਅਸਤੀਫਾ ਦੇ ਚੁੱਕਾ ਸੀ.ਏਥੋਂ ਤਕ ਕਿ ਚੰਡੀਗੜ੍ਹ੍ਰ੍ਹ ਪ੍ਰੈੇਸ ਕਲੱਬ ਦੀ ਮੈਂਬਰਸ਼ਿਪ ਵੀ ਵਾਪਸ ਕਰ ਚੁੱਕਾ ਸੀ.ਪਰ ਉਸ ਦਿਨ ਸਤਾਰਾਂ ਸੈਕਟਰ ਤੇ ਪੰਜਾਬ ਯੂਨਵਿਰਸਿਟੀ ਦੇ ਲਆਨ ਵਿਚ ਘੁੰਮਦਿਆਂ ਸਾਡੀ ਗੱਲਬਾਤ ਦੋਰਾਨ ਭਵਿੱਖ ਦੇ ਪ੍ਰਸੰਗ ਵਿਚ ਅਨਿਸਚਤਾ ਦੀ ਧੁਨੀ ਵਿਚ ਲਿਪਟੇ ਪਤਾ ਨਹੀਂ ਬਾਸ ਤੇ ਲੈਟ ਅਸ ਸੀ ਦੇ ਸਮਾਸ ਸਹਿਵਨ ਹੀ ਮੁੱੜ ਮੁੱੜ ਉਸ ਦੇ ਮੂਹੋਂ ਜਰੂਰ ਨਿਕਲਦੇ ਰਹੇ .ਹੁਣ ਸੋਚਦਾ ਹਾਂ ਤਾਂ ਲਗਦਾ ਹੈ ਕਿ ਇਹ ਆਉਣ ਵਾਲੀ ਘਟਨਾ ਦੇ ਅਗੇਤ ਸੂਖਮ ਸੰਕੇਤ ਸਨ ਜੋ ਮੈਂ ਫੜ ਨਹੀਂ ਸਕਿਆ.
ਖੈਰ ਅਭਿਨਵ ਦੇ ਜੋਬਨ ਰੁੱਤੇ ਤੁਰ ਜਾਣ ਤੋਂ ਬਾਅਦ ਹੁਣ ਸੁਆਲ ਇਹ ਹੈ ਕਿ ਕੀ ਅਸੀਂ ਉਸਦੇ ਸੂਈਸਾਈਡ ਨੋਟ ਦੀਆਂ ਸਤਰਾਂ ਵਿਚ ਲੁੱਪਤ ਰਹਿ ਗਏ ਉਨ੍ਹਾਂ ਦੁਸਮਣਾ ਦੀ ਨਿਸ਼ਾਨਦੇਹੀ ਕਰਾਂਗੇ/ ਉਂਨ੍ਹਾਂ ਨਾਲ ਲੜਾਂਗੇ ਜੋ ਉਸ ਜਿਹੇ ਸੰਵੇਦਨਸ਼ੀਲ ਮਨੁੱਖਾਂ ਲਈ ਜਿਊਣਾ ਏਨਾ ਦੁੱਭਰ ਕਰ ਦਿੰਦੇ ਕਿ ਉਨ੍ਹਾਂ ਕੋਲ ਸਿਵਾਏ ਉਨ੍ਹਾਂ ਦੇ ਸਿਰ ਚੜ੍ਹ ਕੇ ਮਰਨ ਦੇ ਹੋਰ ਕੋਈ ਚਾਰਾ ਹੀ ਨਹੀਂ ਰਹਿੰਦਾ? ਕੀ ਉਸ ਦੀ ਮੌਤ ਨੂੰ ਨਿੱਕੇ ਨਿੱਜੀ ਕਾਰਨਾਂ ਤੋਂ ਉਪਰ ਉੱਠ ਕੇ ਵੱਡੇ ਸਰੋਕਾਰਾਂ ਦੇ ਪ੍ਰਸੰਗ ਵਿਚ ਵੇਖਣ ਦੀ ਕੋਸ਼ਿਸ਼ ਕਰਾਂਗੇ ਕਿ ਅਜੋੇਕੇ ਸਮਾਜ ਵਿਚ ਸੱਚੇ/ਸੁੱਚੇ ਮਨੁਖਾਂ ਦੇ ਰਹਿਣ ਲਈ ਸਪੇਸ ਏਨੀ ਤੇਜ਼ੀ ਨਾਲ ਕਿਉਂ ਘੱਟਦੀ ਜਾ ਰਹੀ ਹੈ ?
(ਦੇਸ਼ ਸੇਵਕ ‘ਚ ਪੂੁਰਵ ਪ੍ਰਕਾਸ਼ਿਤ ਕਾਲਮ ਸਤਰਾਂ ਤੇ ਸੈਨਤਾਂ ਚੋਂ )